*****************************************
ਐ ਸਮੇਂ ਦੇ ਹਾਣੀਓ !
ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ ।
ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ ।
ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ
• ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ ।
ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ ।
ਕੁੱਝ ਇੰਟਰਨੈੱਟ , ਮੋਬਾਇਲਾਂ ਨੇ ,
ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ ,
ਕੁੱਝ ਰੀਸੋ ਰੀਸੀ ਵੇਖ਼ ਵੇਖ਼ ,
ਲਾ ਲਈਆਂ ਵਿਦੇਸ਼ੀ ਜੈੱਲਾਂ ਨੇ ,
ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
• ਕਰਜ਼ੇ ਹੇਠ ਕਿਸਾਨ ਦੱਬ ਗਿਆ , ਕਿਉਂ ਖ਼ੁਦਕੁਸ਼ੀਆਂ ਕਰਦਾ ।
ਸਭਨਾ ਦਾ ਢਿੱਡ ਭਰਨ ਵਾਲੇ ਦਾ , ਆਪਣਾ ਢਿੱਡ ਨਹੀਂ ਭਰਦਾ ।
ਹੱਲ ਲੱਭੋ ਉਲਝੀ ਤਾਣੀ ਦਾ ,
ਸਿਰ ਤੋਂ ਲੰਘ ਚੱਲੇ ਪਾਣੀ ਦਾ ,
ਸਰਕਾਰਾਂ ਤਾਈ ਸੁਚੇਤ ਕਰੋ ,
ਦੁੱਖ਼ ਦੱਸੋ ਲਿਖ ਕਿਰਸਾਣੀ ਦਾ ,
ਇਹਦੇ ਤਣੇ ਖੋਖਲੇ ਹੋ ਗਏ ਨੇ , ਜੋ ਨਜ਼ਰੀ ਆਉਂਦਾ ਬੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
• ਦਾਜ ਦਾ ਦੈਂਤ ਹੈ ਨਿਗਲੀਂ ਜਾਂਦਾ , ਸੱਜ ਮੁਕਲਾਈਆਂ ਕੁੜੀਆਂ ।
ਕਦੋਂ ਦੇਣਗੀਆਂ ਧੀ ਦਾ ਦਰਜਾ , ਨੂੰਹ ਨੂੰ , ਸੱਸਾਂ ਰੁੜੀ੍ਹਆਂ ।
ਤੁੱਛ ਛਿੱਲੜਾਂ ਬਦਲੇ ਜਾਨ ਲਈ ,
ਸ਼ਰੀਕਾਂ ਵਿੱਚ ਫੋਕੀ ਸ਼ਾਨ ਲਈ ,
ਕਿਉਂ ਪਤੀਦੇਵ ਜੀ ਚੁੱਪ ਰਹੇ ,
ਮਾਤਾ ਦੇ ਗਲਤ ਫ਼ੁਰਮਾਨ ਲਈ ,
ਕਿਉਂ ਝਪਟ ਮਾਰਕੇ ਬਾਜ਼ ਜਿਉਂ ,ਇੱਕ ਦਿੱਤੀ ਚਿੜ੍ਹੀ ਝੰਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
• ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ ।
ਮਾਂ ਨੇ ਆਪਣੇ ਖੂਨ ਚੋਂ ਉਪਜੀ , ਕੁੱਖ ਵਿੱਚ ਮਾਰ ਮੁਕਾਤੀ ।
ਕੁਲ ਤੁਰਦੀ ਕੁੜੀਆਂ ਨਾਲ ਅਗਾਂਹ ,
ਧੀ , ਭੈਣ , ਵਹੁਟੀ ਤੇ ਬਣਦੀ ਮਾਂ ,
ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ ,
ਧੀ ਸਹੁਰੇ ਘਰ ਵੀ ਸਾਂਭੂ ਤਾਂ ,
ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
• ਮਸਲੇ ਬਹੁਤ ਵਿਚਾਰਨ ਖਾਤਿਰ , ਇੱਕ ਇੱਕ ਕਰਕੇ ਛੇੜੋ ।
ਸਰਕਾਰਾਂ ਦੇ ਕੋਲ ਵਿਹਲ ਨਹੀਂ , ਕਲਮਾਂ ਦੇ ਧਨੀ ਨਬੇੜੋ ।
ਇੱਕ ਸਤਰ ਯੁੱਗ ਪਲਟਾ ਸਕਦੀ ,
ਸੁੱਤਿਆਂ ਨੂੰ ਕੂਕ ਜਗਾ ਸਕਦੀ ,
ਰਸਤੇ ਤੋਂ ਭਟਕੇ ਰਾਹੀ ਨੂੰ ,
ਗੱਲ ਕਹੀ ਮੰਜ਼ਿਲ ਵੱਲ ਪਾ ਸਕਦੀ ,
ਟੁੱਟਦੇ ਜਾਂਦੇ ਪਰਿਵਾਰਾਂ ਨੂੰ , ਕਲਮ ਹੀ ਸਕਦੀ ਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
• ਤਲਵਾਰ ਦੇ ਨਾਲੋਂ ਕਲਮ ਦੀ ਤਾਕਤ, ਸਿਆਣੇ ਕਹਿਣ ਵਡੇਰੀ ।
ਚੁੱਕ ਲਵੋ ਫਿਰ ਭਲਿਓ ਲੋਕੋ , ਹੁਣ ਕਿਸ ਗੱਲ ਦੀ ਦੇਰੀ ।
ਕੋਈ ਕਵਿਤਾ ਜਾਂ ਫਿਰ ਗੀਤ ਲਿਖ਼ੋ ,
ਨਫ਼ਰਤ ਨਹੀਂ , ਪਿਆਰ-ਪ੍ਰੀਤ ਲਿਖ਼ੋ ,
ਉੱਠ ਉਪਰ , ਛੱਡ ਇੱਕ ਪਾਸੜ ਨੂੰ ,
ਸਭਨਾਂ ਲਈ ਬਣ ਮਨ-ਮੀਤ ਲਿਖੋ ,
ਨਾ ਹੋਣ ਬਗਾਵਤੀ ਸ਼ਬਦ ਜਿਹੇ ,
" ਘੁਮਾਣ " ਲੱਗੀ ਜੋ ਹੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ
ਲੇਖਕ : ਜਰਨੈਲ ਘੁਮਾਣ
Writer : Jarnail Ghuman
ਫੋਨ ਨੰਬਰ : +91-98885-05577
Email : ghuman5577@yahoo.com
************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .
****ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ ,ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥ ***** ਸੱਤ ਦਰਿਆ ਸਨ ਵਗਦੇ , 'ਸਪਤ ਸਿੰਧੂ'ਅਖਵਾਉਂਦਾ ਸੀ । ਸਿਆਲਕੋਟ ਤੋਂ ਦਿੱਲੀ ਤੀਕਰ ,ਪੈਰ ਫੈਲਾਉਂਦਾ ਸੀ । ਕਿਵੇਂ ਢਾਈ ਪਾਣੀਆਂ ਵਾਲੇ ਨੂੰ ,ਪੰਜ-ਆਬ ਕਹਿ ਦਿਆ ਮੈਂ । ਕਿੰਝ ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥
No comments:
Post a Comment