Saturday, August 21, 2010

ਪੰਜਾਬ ਹੈ ਇੱਕ ਬੇਮਿਸਾਲ ਸੂਬਾ

******************************


ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ ,

ਖੁਸ਼ਹਾਲ ਹਾਂ, ਸਾਡਾ ਖੁਸ਼ਹਾਲ ਸੂਬਾ ।



ਪੂਰੀ ਦੁਨੀਆਂ ਵਿੱਚ , ਧਾਕ ਪੰਜਾਬੀਆਂ ਦੀ ,

ਪੰਜਾਬ ਹੈ ਇੱਕ , ਬੇਮਿਸਾਲ ਸੂਬਾ ।

ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ

*************************************


ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ।



ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ ਹੈ ।

ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ ।

ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ ।

ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥



* ਬੇਲਿਆਂ 'ਚ ਮੰਗੂ ਨਾ , ਚਰਾਉਣ ਜੋਗੇ ਹੈਗੇ ਤੁਸੀਂ ।

ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ ।

ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ ।

ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਐ ਸਮੇਂ ਦੇ ਹਾਣੀਓ !

*****************************************

ਐ ਸਮੇਂ ਦੇ ਹਾਣੀਓ !

ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ ।

ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ ।

ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ ।

ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।

ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ



• ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ ।

ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ ।

ਕੁੱਝ ਇੰਟਰਨੈੱਟ , ਮੋਬਾਇਲਾਂ ਨੇ ,

ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ ,

ਕੁੱਝ ਰੀਸੋ ਰੀਸੀ ਵੇਖ਼ ਵੇਖ਼ ,

ਲਾ ਲਈਆਂ ਵਿਦੇਸ਼ੀ ਜੈੱਲਾਂ ਨੇ ,

ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ ।

ਲੋੜ ਹੈ ! ਮੇਰੇ ਲੋਕਾਂ ਨੂੰ………………..॥

Tuesday, August 10, 2010

*ਬਿਸਕੁਟ ਖਾਣ ਕਤੂਰੇ*

*********************



ਗੂੰਗੀ ਪਰਜ਼ਾ ਰਾਜੇ ਬੋਲੇ ,

ਕਿਥੋਂ ਕੋਈ ਨਿਆਂ ਨੂੰ ਟੋਹਲੇ ,

ਹੱਕ ਮੰਗਦਿਆਂ ਗੋਲੀ ਮਿਲਦੀ ,

ਰੋਟੀ ਮੰਗੀਏ ਹੂਰੇ ।

ਬਾਲਕ ਜਿੱਥੇ ਭੁੱਖ਼ੇ ਮਰਦੇ ,

ਬਿਸਕੁਟ ਖਾਣ ਕਤੂਰੇ ॥



* ਜਾਦੂਗਰ ਦਾ ਬਣੇ ਤਮਾਸ਼ਾ ,

ਵੱਧ ਗਈ ਬੇਰੁਜ਼ਗਾਰੀ ।

ਭੀੜ ਇਕੱਠੀ ਕਰਨ ਨੂੰ ਵੱਜਦੀ ,

ਡੁੱਗ ਡੁੱਗੀ ਸਰਕਾਰੀ ।

ਬਾਂਦਰ ਨਾਚ ਨਚਾਉਂਦੇ ਨੇਤਾ ,

ਨੱਚੀਏ ਵਾਂਗ ਜਮੂਰੇ ।

ਬਾਲਕ ਜਿੱਥੇ ਭੁੱਖੇ ਮਰਦੇ , ਬਿਸਕੁੱਟ ਖਾਣ ਕਤੂਰੇ ॥

* ਮੇਰੀ ਕਲਮ…………………

*************************


ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?

ਜਿਸਦਾ ਜਵਾਬ ਮੇਰੇ ਕੋਲ ਨਹੀਂ ,

ਸਿਰਫ਼ ਸਰਕਾਰਾਂ ਦੇ ਕੋਲ ਹੈ ॥



• ਕਿੰਨਾ ਕੁ ਚਿਰ , ਕਿੰਨੇ ਹੋਰ ,

ਕਿੰਨੀਆਂ ਖੁਦਕੁਸ਼ੀਆਂ ਕਰਨਗੇ ,

ਕਰਜ਼ੇ ਦੇ ਸਤਾਏ ਹੋਏ ਲੋਕ ।

ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,

ਸੌਣ ਲਈ ਹੋਰ ਮਜਬੂਰ ਹੋਣਗੇ ,

ਭੁੱਖੇ ਅਤੇ ਤ੍ਰਿਹਾਏ ਲੋਕ ।

ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,

ਸੁੱਖ-ਚੈਨ , ਨੀਂਦ ਦੀ ਚਾਬੀ ,

ਸ਼ਾਹੂਕਾਰਾਂ ਦੇ ਕੋਲ ਹੈ ।

ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?

ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥

*ਆਪਣੀ ਮਾਂ ਬੋਲੀ ਹੈ ਪੰਜਾਬੀ*

************************************


ਪੰਜਾਬੀਓ ! ਆਪਣੀ ਮਾਂ ਬੋਲੀ ਹੈ ਪੰਜਾਬੀ ,

ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।


ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,

ਪੈਰ ਜਵਾਨੀ ਧਰਦੀ ਜਿਹੀ ਰੁਕਾਨ ਪੰਜਾਬੀ ਹੈ ।


ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,

ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ ।

*ਰੰਗਲਾ ਪੰਜਾਬ*

***************************

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।

ਕਾਗਜ਼ਾ ’ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥



*  ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,

ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,

ਭਾਸ਼ਣਾਂ ’ਚ ਆਇਆ, ਇਨਕਲਾਬ ਹੋਈ ਜਾਂਦਾ ਏ ।

ਬਰਬਾਦ ਰੰਗਲਾ ਪੰਜਾਬ ……………॥